Close

Recent Posts

ਗੁਰਦਾਸਪੁਰ ਪੰਜਾਬ

ਜਦੋਂ ਭਾਰਤੀ ਫ਼ੌਜ ਦੇ ਜਵਾਨ ਨੇ ਬਰਮਾ ਸਰਹੱਦ ਤੋਂ ਡੀ.ਸੀ. ਗੁਰਦਾਸਪੁਰ ਨਾਲ ਆਪਣੀ ਮੁਸ਼ਕਲ ਦੇ ਹੱਲ ਲਈ ਕੀਤਾ ਸੰਪਰਕ

ਜਦੋਂ ਭਾਰਤੀ ਫ਼ੌਜ ਦੇ ਜਵਾਨ ਨੇ ਬਰਮਾ ਸਰਹੱਦ ਤੋਂ ਡੀ.ਸੀ. ਗੁਰਦਾਸਪੁਰ ਨਾਲ ਆਪਣੀ ਮੁਸ਼ਕਲ ਦੇ ਹੱਲ ਲਈ ਕੀਤਾ ਸੰਪਰਕ
  • PublishedJune 13, 2022

ਡਿਪਟੀ ਕਮਿਸ਼ਨਰ ਦੀ ਨਿਵੇਕਲੀ ਪਹਿਲਕਦਮੀ ਨਾਲ ਲੋਕ ਘਰ ਬੈਠੇ ਹੀ ਹੱਲ ਕਰਾ ਰਹੇ ਹਨ ਆਪਣੀਆਂ ਮੁਸ਼ਕਲਾਂ

ਡਿਪਟੀ ਕਮਿਸ਼ਨਰ ਹਰ ਰੋਜ਼ 11 ਤੋਂ ਦੁਪਹਿਰ 12 ਵਜੇ ਤੱਕ ਜ਼ਿਲ੍ਹਾ ਵਾਸੀਆਂ ਨਾਲ ਕਰਦੇ ਹਨ ਆਨ-ਲਾਈਨ ਮੀਟਿੰਗ

ਬਟਾਲਾ, 13 ਜੂਨ ( ਮੰਨਣ ਸੈਣੀ)। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਜ਼ਿਲ੍ਹਾ ਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਸ਼ੁਰੂ ਕੀਤੀਆਂ ਆਨ-ਲਾਈਨ ਜ਼ੂਮ ਮੀਟਿੰਗਾਂ ਦੇ ਹਾਂ-ਪੱਖੀ ਨਤੀਜੇ ਦੇਖਣ ਨੂੰ ਮਿਲ ਰਹੇ ਹਨ। ਸੋਮਵਾਰ ਤੋਂ ਸ਼ੁਕਰਵਾਰ ਤੱਕ ਰੋਜ਼ਾਨਾਂ 11 ਤੋਂ ਦੁਪਹਿਰ 12 ਵਜੇ ਤੱਕ ਕੀਤੀ ਜਾਂਦੀ ਜ਼ੂਮ ਮੀਟਿੰਗ ਵਿੱਚ ਜ਼ਿਲ੍ਹੇ ਦੇ ਵਸਨੀਕ ਦੂਰ-ਦੁਰੇਡੇ ਬੈਠੇ ਵੀ ਆਨ-ਲਾਈਨ ਸ਼ਾਮਲ ਹੋ ਕੇ ਆਪਣੀਆਂ ਸ਼ਿਕਾਇਤਾਂ ਅਤੇ ਮੁਸ਼ਕਿਲਾਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆ ਰਹੇ ਹਨ।

ਡਿਪਟੀ ਕਮਿਸ਼ਨਰ ਵੱਲੋਂ ਅੱਜ ਜਦੋਂ ਸਵੇਰੇ 11 ਵਜੇ ਆਨ ਲਾਈਨ ਜ਼ੂਮ ਮੀਟਿੰਗ ਸ਼ੁਰੂ ਕੀਤੀ ਗਈ ਤਾਂ ਬਹੁਤ ਸਾਰੇ ਜ਼ਿਲ੍ਹਾ ਵਾਸੀਆਂ  ਨੇ ਆਨ-ਲਾਈਨ ਇਸ ਮੀਟਿੰਗ ਨੂੰ ਜੁਆਇੰਨ ਕੀਤਾ। ਭਾਰਤੀ ਫ਼ੌਜ ਦੇ ਜਵਾਨ ਪਲਵਿੰਦਰ ਸਿੰਘ ਜੋ ਕਿ ਮਿਜ਼ੋਰਮ ਰਾਜ ’ਚ ਬਰਮਾਂ ਦੇਸ਼ ਦੀ ਸਰਹੱਦ ’ਤੇ ਤਾਇਨਾਤ ਹਨ, ਉਨ੍ਹਾਂ ਨੇ ਵੀ ਓਥੋਂ ਇਸ ਮੀਟਿੰਗ ਵਿੱਚ ਭਾਗ ਲਿਆ। ਫ਼ੌਜੀ ਜਵਾਨ ਪਲਵਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਜ਼ਮੀਨ ਦਾ ਕੁਝ ਮਸਲਾ ਹੈ। ਪਲਵਿੰਦਰ ਸਿੰਘ ਨੇ ਕਿਹਾ ਕਿ ਉਹ ਆਪ ਭਾਰਤੀ ਫ਼ੌਜ ਵਿੱਚ ਬਰਮਾ ਸਰਹੱਦ ’ਤੇ ਸੇਵਾ ਨਿਭਾ ਰਿਹਾ ਹੈ ਅਤੇ ਘਰ ਉਸਦੇ ਪਿਤਾ ਜੀ ਬਜ਼ੁਰਗ ਹੋਣ ਕਾਰਨ ਜ਼ਮੀਨ ਦੇ ਕੰਮ ਲਈ ਦਫ਼ਤਰਾਂ ’ਚ ਨਹੀਂ ਜਾ ਸਕਦੇ ਹਨ। ਇਸ ਮੁਸ਼ਕਲ ਨੂੰ ਸੁਣਦਿਆਂ ਹੀ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਹਦਾਇਤ ਕੀਤੀ ਕਿ ਫ਼ੌਜੀ ਪਲਵਿੰਦਰ ਸਿੰਘ ਦੀ ਅਰਜ਼ੀ ਨੂੰ ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਕੋਲ ਤੁਰੰਤ ਭੇਜਿਆ ਜਾਵੇ ਅਤੇ ਨਾਲ ਹੀ ਇਸ ਸਾਰੇ ਮਸਲੇ ਦੀ ਡੀ.ਸੀ. ਦਫ਼ਤਰ ਵੱਲੋਂ ਪੈਰਵੀ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਲੋੜ ਪਵੇ ਤਾਂ ਉਨ੍ਹਾਂ ਦੀ ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਅਤੇ ਫ਼ੌਜੀ ਪਲਵਿੰਦਰ ਸਿੰਘ ਨਾਲ ਵਿਸ਼ੇਸ਼ ਵੀਡੀਓ ਕਾਨਫਰੰਸ ਕਰਵਾਈ ਜਾਵੇ ਤਾਂ ਜੋ ਸਰਹੱਦ ਦੀ ਰਾਖੀ ਕਰ ਰਹੇ ਫ਼ੌਜੀ ਜਵਾਨ ਦੀ ਮੁਸ਼ਕਲ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾ ਸਕੇ।

ਭਾਰਤੀ ਫ਼ੌਜ ਦੇ ਜਵਾਨ ਪਲਵਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਨ-ਲਾਈਨ ਕੀਤੇ ਜਾ ਰਹੇ ਰਾਬਤੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਵੀਂ ਪਹਿਲਕਦਮੀ ਦੇ ਸਦਕਾ ਹੀ ਉਹ ਅੱਜ ਬਰਮਾ ਸਰਹੱਦ ਤੋਂ ਆਪਣੀ ਮੁਸ਼ਕਲ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆ ਸਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਇਹ ਉਪਰਾਲਾ ਨਾ ਕਰਦਾ ਤਾਂ ਉਸ ਨੂੰ ਆਪਣੇ ਜ਼ਮੀਨੀ ਕੰਮ ਲਈ ਛੁੱਟੀ ਲੈ ਕੇ ਪੰਜਾਬ ਆਉਣਾ ਪੈਣਾ ਸੀ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਜਿਸ ਧਿਆਨ ਨਾਲ ਉਨ੍ਹਾਂ ਦੀ ਮੁਸ਼ਕਲ ਸੁਣੀ ਹੈ ਅਤੇ ਉਸਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ ਉਸ ਲਈ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਧੰਨਵਾਦੀ ਹਨ।

ਓਧਰ ਇਸ ਆਨ-ਲਾਈਨ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਹੋਰ ਵੀ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਨ੍ਹਾਂ ਦੇ ਨਿਪਟਾਰੇ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਿਲਾਂ ਦਾ ਨਿਬੇੜਾ ਕਰਨ ਲਈ ਹਰ ਰੋਜ਼ 11:00 ਤੋਂ ਦੁਪਹਿਰ 12:00 ਵਜੇ ਤੱਕ ਜ਼ੂਮ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਜ਼ੂਮ ਮੀਟਿੰਗ ਵਿੱਚ ਭਾਗ ਲੈਣ ਲਈ ਆਪਣੇ ਮੋਬਾਇਲ ਵਿੱਚ ਜ਼ੂਮ ਐਪ ਡਾਊਨਲੋਡ ਕੀਤੀ ਜਾਵੇ ਅਤੇ ਯੂਜਰ ਆਈ.ਡੀ. 96469-76098 ਅਤੇ ਪਾਸਵਰਡ 22 ਲਗਾ ਕੇ ਜ਼ੂਮ ਮੀਟਿੰਗ ਵਿੱਚ ਆਨ-ਲਾਈਨ ਭਾਗ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਾਰੇ ਤਹਿਸੀਲਦਾਰ ਦਫ਼ਤਰਾਂ ਅਤੇ ਬੀ.ਡੀ.ਪੀ.ਓਜ਼ ਦਫ਼ਤਰਾਂ ਵਿੱਚ ਸ਼ਿਕਾਇਤਾਂ ਦਰਜ ਕਰਵਾਉਣ ਆਏ ਵਿਅਕਤੀ ਵੀ ਓਸੇ ਦਫ਼ਤਰ ਤੋਂ 11 ਵਜੇ ਤੋਂ 12 ਵਜੇ ਦਰਮਿਆਨ ਆਨ-ਲਾਈਨ ਸ਼ਾਮਲ ਹੋ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਨ-ਲਾਈਨ ਮੀਟਿੰਗ ਤੋਂ ਇਲਾਵਾ ਜ਼ਿਲ੍ਹਾ ਵਾਸੀ 62393-01830 ਵਟਸਐਪ ਨੰਬਰ ’ਤੇ ਵੀ ਆਪਣੀ ਸ਼ਿਕਾਇਤ ਜਾਂ ਮੁਸ਼ਕਲ ਭੇਜ ਸਕਦੇ ਹਨ।    

Written By
The Punjab Wire